Wednesday, 21 March 2012
ਇਸਲਾਮਾਬਾਦ, 21 ਮਾਰਚ (ਏਜੰਸੀ) - ਪਾਕਿ ਦੀ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਸੁਪਰੀਮ ਕੋਰਟ ਵੱਲੋਂ ਜਾਰੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਫਿਰ ਤੋਂ ਅਦਾਲਤ ਵਿਚ ਸ਼ੁਰੂ ਕਰਨ ਦੇ ਅਦਾਲਤੀ ਹੁਕਮ ਨੂੰ ਨਹੀਂ ਮੰਨੇਗੀ। ਪੀ. ਪੀ. ਪੀ. ਵੱਲੋਂ ਨਾਲ ਇਹ ਵੀ ਕਿਹਾ ਹੈ ਕਿ ਉਹ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਆਯੋਗ ਠਹਿਰਾਉਣ ਦੇ ਮਾਮਲੇ ਵਿਚ ਆ ਰਹੀ ਕਿਸੇ ਵੀ ਮੁਸ਼ਕਿਲ ਦੇ ਹੱਲ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਅਦਾਲਤ ਦੀ ਉਲੰਘਣਾ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ। ਇਕ ਮੰਤਰੀ ਨੇ ਡਾਨ ਅਖਬਾਰ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਅਦਾਲਤ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਖਿਲਾਫ਼ ਕਾਰਵਾਈ ਕਰਨ ਦਾ ਫੈਸਲਾ ਕਰਦੀ ਹੈ ਤਾਂ ਪੀ. ਪੀ. ਪੀ. ਵੀ. ਇਸ ਲਈ ਤਿਆਰ ਹੈ ਜਿਵੇਂ ਕਿ ਗਿਲਾਨੀ ਵੱਲੋਂ ਵੀ ਆਪਣੇ ਹਾਲੀਆ ਬਿਆਨਾਂ ਵਿਚ ਇਸ ਗੱਲ ਨੂੰ ਸਪੱਸ਼ਟ ਰੂਪ ਵਿਚ ਕਿਹਾ ਗਿਆ ਸੀ ਕਿ ਇਕ ਗੱਲ ਸਾਫ ਹੈ ਕਿ ਵਰਤਮਾਨ ਸਰਕਾਰ ਸਵਿਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਜ਼ਰਦਾਰੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਲਈ ਉਨ੍ਹਾਂ ਨੂੰ ਕੋਈ ਪੱਤਰ ਨਹੀਂ ਲਿਖੇਗੀ। ਪਾਕਿ ਪ੍ਰਧਾਨ ਮੰਤਰੀ ਦੇ ਵਕੀਲ ਏਤਜ਼ਾਜ ਅਹਿਸਾਨ ਦੇ ਅਨੁਸਾਰ ਉਲੰਘਣਾ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਵੀ ਗਿਲਾਨੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਅਨੁਸਾਰ ਨੈਸ਼ਨਲ ਅਸੈਂਬਲੀ ਜਾਂ ਸੰਸਦ ਦੇ ਹੇਠਲੇ ਸਦਨ ਦੇ ਇਕ ਮੈਂਬਰ ਨੂੰ ਦੋਸ਼ੀ ਪਾਏ ਜਾਣ ਦੀ ਸੂਰਤ ਵਿਚ ਉਸ ਨੂੰ ਸੰਸਦ ਮੈਂਬਰਸ਼ਿਪ ਤੋਂ ਹਟਾਉਣ ਵਿਚ ਇਕ ਲੰਬੀ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ। ਸੁਪਰੀਮ ਕੋਰਟ ਵਿਚ ਮੰਗਲਵਾਰ ਨੂੰ ਦਾਇਰ ਕੀਤੇ ਗਏ ਆਪਣੇ ਉੱਤਰ ਵਿਚ ਗਿਲਾਨੀ ਨੇ ਇਕ ਵਾਰ ਫਿਰ ਇਹ ਗੱਲ ਦੁਹਰਾਈ ਕਿ ਸਰਕਾਰ ਜ਼ਰਦਾਰੀ ਦੇ ਖਿਲਾਫ ਸਵਿਟਜ਼ਰਲੈਂਡ ਵਿਚ ਧਨ ਲੁਕਾਉਣ ਦੇ ਮਾਮਲੇ ਨੂੂੰ ਫਿਰ ਸ਼ੁਰੂ ਕਰਨ ਦੇ ਅਦਾਲਤ ਦੇ ਫੈਸਲੇ ਨੂੰ ਨਹੀਂ ਮੰਨੇਗੀ ਕਿਉਂਕਿ ਰਾਸ਼ਟਰਪਤੀ ਨੂੰ ਦੇਸ਼ ਦੇ ਅੰਦਰ ਅਤੇ ਬਾਹਰ ਛੋਟ ਹਾਸਲ ਹੈ।
